ਪਿੰਡ ਬੀਣੇਵਾਲ ਵਿਖੇ ਐਤਵਾਰ ਰਾਤ ਧੁੰਦ ਕਾਰਨ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਜਰਨੈਲ ਸਿੰਘ (25) ਪੁੱਤਰ ਸੁਰਜੀਤ ਸਿੰਘ ਵਾਸੀ ਮਹਿਤਪੁਰ ਥਾਣਾ ਸਦਰ ਨੰਗਲ ਜ਼ਿਲ੍ਹਾ ਰੂਪਨਗਰ ਆਪਣੀ ਟਰੈਕਟਰ ਟਰਾਲੀ ਵਿੱਚ ਰੇਤਾ ਲੈ ਕੇ ਗੜ੍ਹਸ਼ੰਕਰ ਵੱਲ ਆ ਰਿਹਾ ਸੀ। ਪਿੰਡ ਬੀਣੇਵਾਲ ਵਿਖੇ ਧੁੰਦ ਕਾਰਨ ਦਿਖਾਈ ਨਾ ਦੇਣ ਤੇ ਉਸਦਾ ਟਰੈਕਟਰ ਮਿੱਟੀ ਦੀ ਢੇਰੀ ‘ਤੇ ਚੜ ਗਿਆ ਜਿਸ ਤੋਂ ਉਹ ਹੇਠਾਂ ਡਿੱਗ ਪਿਆ। ਟਰੈਕਟਰ ਥੱਲੇ ਆਉਣ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਸੋਮਵਾਰ ਸਵੇਰੇ ਰਾਹਗੀਰਾਂ ਵੱਲੋਂ 112 ਨੰਬਰ ‘ਤੇ ਫੋਨ ਕਰਕੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ।

