ਚੰਡੀਗੜ੍ਹ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ 9 ਜਨਵਰੀ ਨੂੰ ਸਵੇਰੇ 11 ਵਜੇ ਸੱਦੀ ਗਈ ਹੈ। ਨਿਗਮ ਮੀਟਿੰਗ ਨੂੰ ਲੈ ਕੇ ਏਜੰਡਾ ਪਹਿਲਾਂ ਹੀ ਕੌਂਸਲਰਾਂ ਨੂੰ ਭੇਜਿਆ ਜਾ ਚੁੱਕਿਆ ਹੈ। ਇਹ ਏਜੰਡੇ ਨਿਗਮ ਹਾਊਸ ਦੀ ਪਿਛਲੇ ਮਹੀਨੇ 27 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਸਨ ਜਿਸਨੂੰ ਨਿਗਮ ਵੱਲੋਂ ਕੁੱਝ ਤਕਨੀਕੀ ਕਾਰਨਾਂ ਕਰ ਕੇ ਰੱਦ ਕਰ ਦਿੱਤਾ ਗਿਆ ਸੀ। ਮੇਅਰ ਅਨੂਪ ਗੁਪਤਾ ਦੀ ਪ੍ਰਧਾਨਗੀ ਹੇਠ ਇਹ ਆਖ਼ਰੀ ਮੀਟਿੰਗ ਹੋਵੇਗੀ। ਇਸ ਤੋਂ ਬਾਅਦ 12 ਤੋਂ 16 ਜਨਵਰੀ ਦਰਮਿਆਨ ਸ਼ਹਿਰ ਦੇ ਨਵੇਂ ਮੇਅਰ ਦੀ ਚੋਣ ਹੋਣੀ ਹੈ। ਚੰਡੀਗੜ੍ਹ ’ਚ ਫਰਵਰੀ ਦੇ ਆਖ਼ਰੀ ਹਫ਼ਤੇ ’ਚ ਤਿੰਨ ਰੋਜ਼ ਗੁਲਾਬ ਮੇਲੇ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦੇ ਲਈ ਨਗਰ ਨਿਗਮ ਨੇ ਪਿਛਲੀ ਵਾਰ ਗੁਲਾਬ ਮੇਲੇ ਲਈ 2 ਕਰੋੜ 19 ਲੱਖ 91 ਹਜ਼ਾਰ ਰੁਪਏ ਖਰਚ ਕੀਤੇ ਸਨ। ਇਸ ਵਾਰ ਵੀ ਗੁਲਾਬ ਮੇਲੇ ’ਤੇ ਹੋਣ ਵਾਲੇ ਖਰਚ ਨੂੰ ਲੈ ਕੇ ਮੀਟਿੰਗ ’ਚ ਏਜੰਡਾ ਲਿਆਂਦਾ ਜਾ ਸਕਦਾ ਹੈ। ਇਸ ਵਾਰ ਇਸ ਖਰਚ ਨੂੰ ਘਟਾ ਕੇ 98 ਲੱਖ 76 ਹਜ਼ਾਰ ਰੁਪਏ ਦੇ ਪ੍ਰਸਤਾਵ ਪੇਸ਼ ਕੀਤਾ ਜਾ ਸਕਦਾ ਹੈ। ਇਸ ਵਾਰ ਗੁਲਾਬ ਮੇਲੇ ਦੌਰਾਨ ‘ਲਾਈਟ ਐਂਡ ਸਾਊਂਡ ਸ਼ੋਅ’ ਨਹੀਂ ਹੋਵੇਗਾ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 25 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਸਾਬਕਾ ਆਗੂ ਯੋਗੇਸ਼ ਢੀਂਗਰਾ ਨੇ ਇਸ ਨਿਗਮ ਮੀਟਿੰਗ ਨੂੰ ਅਸੰਵਿਧਾਨਕ ਕਰਾਰ ਦਿੱਤਾ ਹੈ। ਕੌਂਸਲਰ ਯੋਗੇਸ਼ ਢੀਂਗਰਾ ਨੇ ਕਿਹਾ ਕਿ ਨਗਰ ਨਿਗਮ ਐਕਟ ਵਿੱਚ ਇੱਕ ਨਿਯਮ ਹੈ ਜਿਸ ਦੀ ਧਾਰਾ 38 ਵਿਚ ਪੰਨਾ ਨੰਬਰ 24 ਵਿਚ ਸਪੱਸ਼ਟ ਲਿਖਿਆ ਹੈ ਕਿ ਸਦਨ ਦੀ ਹਰ ਸਾਲ ਪਹਿਲੀ ਮੀਟਿੰਗ ਵਿਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਵੇਗੀ ਜਿਸ ਦੀ ਮੌਜੂਦਾ ਮੇਅਰ ਅਨੂਪ ਗੁਪਤਾ ਖੁੱਲ੍ਹੇਆਮ ਉਲੰਘਣਾ ਕਰ ਰਹੇ ਹਨ ਅਤੇ ਆਪਣੀ ਮਰਜ਼ੀ ਨਾਲ ਸਦਨ ਦੀ ਪਹਿਲੀ ਮੀਟਿੰਗ ਨੂੰ ਆਪਣੀ ਵਿਦਾਇਗੀ ਮੀਟਿੰਗ ਬਣਾ ਰਹੇ ਹਨ।