ਪੰਜਾਬ ’ਚ ਕੜਾਕੇ ਦੀ ਠੰਢ ਜਾਰੀ ਹੈ। ਪਿਛਲੇ ਇਕ ਹਫ਼ਤੇ ਤੋਂ ਜ਼ਿਆਦਾਤਰ ਜ਼ਿਲ੍ਹਿਆਂ ’ਚ ਧੁੱਪ ਨਹੀਂ ਨਿਕਲੀ। ਸੰਘਣੀ ਧੁੰਦ, ਸੀਤ ਲਹਿਰ ਤੇ ਧੁੱਪ ਗ਼ਾਇਬ ਹੋਣ ਨਾਲ ਨਵਾਂਸ਼ਹਿਰ, ਪਠਾਨਕੋਟ ਤੇ ਲੁਧਿਆਣਾ ਅਤਿਅੰਤ ਸੀਤ ਦਿਨ ਦੀ ਸਥਿਤੀ ਬਣੀ ਹੋਈ ਹੈ ਜਦਕਿ ਅੰਮ੍ਰਿਤਸਰ, ਬਠਿੰਡਾ, ਪਟਿਆਲਾ, ਫ਼ਰੀਦਕੋਟ ਤੇ ਗੁਰਦਾਸਪੁਰ ’ਚ ‘ਕੋਲਡ ਡੇ’ ਦੀ ਸਥਿਤੀ ਚੱਲ ਰਹੀ ਹੈ। ਐਤਵਾਰ ਨੂੰ ਨਵਾਂਸ਼ਹਿਰ ਪੰਜਾਬ ਦਾ ਸਭ ਤੋਂ ਠੰਢਾ ਸ਼ਹਿਰ ਰਿਹਾ ਜਿੱਥੇ ਦਿਨ ਦਾ ਤਾਪਮਾਨ 8.9 ਡਿਗਰੀ ਸੈਲਸੀਅਸ ਤੇ ਰਾਤ ਦਾ ਤਾਪਮਾਨ 5.7 ਡਿਗਰੀ ਸੈਲਸੀਅਸ ਰਿਹਾ। ਦਿਨ ਦਾ ਤਾਪਮਾਨ ਆਮ ਨਾਲੋਂ 11 ਡਿਗਰੀ ਘੱਟ ਰਿਹਾ ਜਦਕਿ ਰਾਤ ਦਾ ਤਾਪਮਾਨ ਆਮ ਨਾਲੋਂ 1.5 ਡਿਗਰੀ ਵੱਧ ਰਿਹਾ। ਨਵਾਂ ਸ਼ਹਿਰ ’ਚ ਪਿਛਲੇ 28 ਸਾਲਾਂ ’ਚ ਪਹਿਲੀ ਵਾਰ ਸੱਤ ਜਨਵਰੀ ਨੂੰ ਦਿਨ ਦਾ ਤਾਪਮਾਨ ਏਨਾ ਹੇਠਾਂ ਤੱਕ ਆਇਆ ਹੈ।

