ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਮੀਡੀਆ ਇੰਚਾਰਜ ਚਰਨਜੀਤ ਸਿੰਘ ਟੱਕਰ ਅੱਜ ਇੱਕ ਨਿੱਜੀ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਨਾਰਾਇਣਗੜ੍ਹ ਪਹੁੰਚੇ। ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਗੁਰੂ ਘਰਾਂ ਵਿੱਚ ਕੇਵਲ ਰਾਗੀ ਤੇ ਢਾਡੀਆਂ ਤੋਂ ਇਲਾਵਾ ਕਿਸੇ ਨੂੰ ਵੀ ਸਿਰੋਪਾ ਨਾ ਪਾਉਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਸ੍ਰੀ ਟੱਕਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਫ਼ੈਸਲਾ ਬਹੁਤ ਮਹੱਤਵਪੂਰਨ ਹੈ, ਜਿਸ ਦੀ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਹਾਰਨਾ ਕਰਦਾ ਹੈ। ਜ਼ਿਕਰਯੋਗ ਹੈ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤ੍ਰਿੰਗ ਕਮੇਟੀ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਹੈ, ਜਿਸ ਵਿੱਚ ਗੁਰੂ ਘਰਾਂ ਵਿੱਚ ਕੇਵਲ ਰਾਗੀਆਂ, ਢਾਡੀਆਂ ਨੂੰ ਹੀ ਸਰੋਪਾ ਦਿੱਤਾ ਜਾਵੇਗਾ, ਜਿਸ ਨਾਲ ਸਿਰੋਪਾ ਦੀ ਹੋ ਰਹੀ ਗਲਤ ਵਰਤੋਂ ’ਤੇ ਰੋਕ ਲੱਗੇਗੀ। ਉਨ੍ਹਾਂ ਕਿਹਾ ਕਿ ਰੋਜ਼ਾਨਾ ਦੇਖਣ ਵਿੱਚ ਆ ਰਿਹਾ ਸੀ ਕਿ ਕਈ ਵਿਅਕਤੀ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਸਿਰੋਪਾ ਦੇਣ ਦੀਆਂ ਝੜੀਆਂ ਲਗਾ ਰਹੇ ਸਨ, ਜਿਸ ਉਪਰ ਪੂਰਨ ਰੂਪ ਵਿੱਚ ਰੋਕ ਲੱਗ ਗਈ ਹੈ। ਟੱਕਰ ਨੇ ਕਿਹਾ ਕਿ ਸਿਰੋਪਾ ਬਹੁਤ ਪਵਿੱਤਰ ਹੈ, ਇਹ ਕੇਵਲ ਉਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ, ਜਿਸ ਨੇ ਪੰਥ ਲਈ ਜਾਂ ਮਾਨਵਤਾ ਲਈ ਕੋਈ ਮਹੱਤਵਪੂਰਨ ਕਾਰਜ ਕੀਤਾ ਹੋਵੇ। ਟੱਕਰ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਿਹਾ ਕਿ ਉਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਇਸ ਤਰ੍ਹਾਂ ਦਾ ਇੱਕ ਮਤਾ ਆਪਣੀ ਅੰਤ੍ਰਿੰਗ ਕਮੇਟੀ ਵਿੱਚ ਪਾਸ ਕਰਨ। ਉਨ੍ਹਾਂ ਦਾ ਕਹਿਣਾ ਸੀ ਕਿ ਹਰਿਆਣਾ ਕਮੇਟੀ ਦੀ ਵੋਟਰ ਲਿਸਟ ਵਿੱਚ ਬਹੁਤ ਵਿਅਕਤੀ ਅਜਿਹੇ ਹਨ, ਜਿਹੜੇ ਸਹਿਜਧਾਰੀ ਹਨ ਪਰ ਉਨ੍ਹਾਂ ਦੀਆਂ ਵੋਟਾਂ ਬਣ ਗਈਆਂ ਹਨ, ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।

