ਸ਼ਹਿਰ ਦੀ ਹੱਦ ਅੰਦਰ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਕਾਰ ਚਾਲਕ ਦਾ ਬਚਾਅ ਹੋ ਗਿਆ ਜਦਕਿ ਕਾਰ ਪੂਰੀ ਤਰ੍ਹਾਂ ਸੜ ਗਈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਨਿਵਾਸੀ ਅਮਿਤ ਕੁਮਾਰ ਆਪਣੀ ਫੋਰਡ ਫਿੱਗੋ ਕਾਰ ਵਿੱਚ ਸਵਾਰ ਹੋ ਕੇ ਰੂਪਨਗਰ ਤੋਂ ਚੰਡੀਗੜ੍ਹ ਜਾ ਰਿਹਾ ਸੀ। ਜਿਵੇਂ ਹੀ ਉਹ ਕੁਰਾਲੀ ਬਾਈਪਾਸ ’ਤੇ ਪੁਦੀ ਹੱਦ ਅੰਦਰ ਪਡਿਆਲਾ ਬਾਈਪਾਸ ਨੇੜੇ ਪੁੱਜਿਆ ਤਾਂ ਉਸ ਨੂੰ ਕਾਰ ਦੇ ਬੋਨਟ ਵਿਚੋਂ ਧੂੰਆਂ ਨਿਕਲਦਾ ਮਹਿਸੂਸ ਹੋਇਆ। ਇਸ ਦੌਰਾਨ ਉਸ ਨੇ ਪਡਿਆਲਾ ਨੇੜੇ ਗੱਡੀ ਰੋਕ ਕੇ ਜਦੋਂ ਬੋਨਟ ਖੋਲ੍ਹ ਕੇ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਪਲਾਂ ਵਿੱਚ ਹੀ ਕਾਰ ਦੇ ਅਗਲੇ ਹਿੱਸੇ ਵਿਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗ ਪਈਆਂ। ਇਸ ਦੌਰਾਨ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਾ ਹੋਣ ’ਤੇ ਕੁਰਾਲੀ ਪੁਲੀਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਜਦੋਂ ਤੱਕ ਫਾਇਰ ਬਿਗ੍ਰੇਡ ਦੀ ਟੀਮ ਪੁੱਜੀ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ।