ਨਗਰ ਪਰਿਸ਼ਦ ਕੁਰੂਕਸ਼ੇਤਰ ਨੇ ਪ੍ਰਾਪਰਟੀ ਟੈਕਸ ਨਾ ਭਰਨ ਵਾਲੇ ਸਰਕਾਰੀ ਵਿਭਾਗਾਂ ਖ਼ਿਲਾਫ਼ ਐਕਸ਼ਨ ਕਰਨ ਦੀ ਤਿਆਰੀ ਖਿੱਚ ਲਈ ਹੈ। ਨਗਰ ਪਰਿਸ਼ਦ ਇਨ੍ਹਾਂ ਵਿਭਾਗਾਂ ਨੂੰ ਸੱਤ ਦਿਨ ਦਾ ਨੋਟਿਸ ਦੇਣ ਜਾ ਰਹੀ ਹੈ, ਜਿਸ ਤੋਂ ਬਾਅਦ ਨੋਟਿਸ ਦਾ ਜਵਾਬ ਨਾ ਦੇਣ ਵਾਲਿਆਂ ਦੀ ਪ੍ਰਾਪਰਟੀ ਤੱਕ ਕੁਰਕ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਸਬੰਧੀ ਨਗਰ ਪਰਿਸ਼ਦ ਦੇ ਕਾਰਜਕਾਰੀ ਅਧਿਕਾਰੀ ਨਰਿੰਦਰ ਨਰਵਾਲ ਨੇ ਪ੍ਰਾਪਰਟੀ ਟੈਕਸ ਨਾ ਭਰਨ ਵਾਲੇ ਸਰਕਾਰੀ ਵਿਭਾਗਾਂ ਦੀ ਲਿਸਟ ਜਾਰੀ ਕਰਦਿਆਂ ਕਿਹਾ ਕਿ ਸਭ ਤੋਂ ਜ਼ਿਆਦਾ ਟੈਕਸ ਪ੍ਰਸਾਰ ਭਾਰਤੀ ਅਕਾਸ਼ਵਾਣੀ ਵੱਲ 26,02,367 ਰੁਪਏ ਹੈ। ਇਸ ਤੋਂ ਇਲਾਵਾ ਫਾਇਰ ਸਟੇਸ਼ਨ ਹੁੱਡਾ ਸੈਕਟਰ ’ਤੇ 9,81,244, ਪੰਚਾਇਤ ਭਵਨ ਵੱਲ 4,09,852, ਬਾਲ ਭਵਨ 3,40,869, ਐੱਨਆਈਟੀ ਕੁਰੂਕਸ਼ੇਤਰ ਵੱਲ 7,11,178, ਹਿਰਮੀ 3,79,716, ਖਾਦੀ ਗਰਾਮ ਉਦਯੋਗ 7,87,121, ਰੋਡਵੇਜ਼ 21,05,836, ਪੁਰਾਣਾ ਬੱਸ ਸਟੈਂਡ 29,4,042, ਮਿਨੀ ਸਕੱਤਰ 1,53,061, ਪਟਿਆਲਾ ਬੈਂਕ ਕਲੋਨੀ 50,79,594, ਈਸੀ 13 ਹੁੱਡਾ ਕੁਰੂਕਸ਼ੇਤਰ 26,39,774, ਗੁਰਦੁਆਰਾ ਛੇਵੀਂ ਪਾਤਸ਼ਾਹੀ 26,4,776, ਸੈਂਟਰਲ ਵੇਅਰ ਹਾਊਸਿੰਗ ਵੱਲ 75,862 ਦਾ ਟੈਕਸ ਬਕਾਇਆ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਵਿਭਾਗ ਹਨ, ਜਿਨ੍ਹਾਂ ਵੱਲ ਟੈਕਸ ਬਕਾਇਆ ਹੈ। ਸ੍ਰੀ ਨਰਵਾਲ ਨੇ ਦੱਸਿਆ ਕਿ ਨਿਯਮਾਂ ਅਨੁੁਸਾਰ ਵਿਭਾਗਾਂ ਨੂੰ 7 ਦਿਨ ਦਾ ਨੋਟਿਸ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਪੰਜਾਬ ਭੂਮੀ ਰੈਵੇਨਿਊ 1887 ਦੇ ਤਹਿਤ ਪ੍ਰਾਪਰਟੀ ਕੁਰਕ ਤੇ ਸੀਲ ਕਰਨ ਵਰਗੀ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਅਧਿਕਾਰੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਟੈਕਸ ਭਰਨ ਦੇ ਆਦੇਸ਼ ਸਿਰਫ ਸਰਕਾਰੀ ਵਿਭਾਗਾਂ ਲਈ ਹੀ ਨਹੀਂ, ਬਲਕਿ ਇਹ ਆਦੇਸ਼ ਅਜਿਹੇ ਲੋਕਾਂ ਲਈ ਵੀ ਹਨ, ਜੋ ਟੈਕਸ ਦੇ ਦਾਇਰੇ ਵਿਚ ਆਉਂਦੇ ਹਨ। ਉਨ੍ਹਾਂ ਕਿਹਾ ਕਿ ਟੈਕਸ ਭਰਨਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਇਸ ਲਈ ਲੋਕ ਤੈਅ ਸਮੇਂ ’ਤੇ ਆਪਣਾ ਟੈਕਸ ਭਰਨ।

