ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐੱਸ. ਸੀ. ਈ. ਆਰ. ਟੀ.) ਪੰਜਾਬ ਨੇ ਸੈਸ਼ਨ 2025-26 ਲਈ ਮਿਸ਼ਨ ਸਮਰੱਥ 3.0 ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਨਿਰਦੇਸ਼ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ, ਡਾਇਟ ਪ੍ਰਿੰਸੀਪਲਾਂ, ਬੀ. ਪੀ. ਈ. ਓ. ਅਤੇ ਸਕੂਲ ਮੁਖੀਆਂ ਨੂੰ ਭੇਜੇ ਗਏ ਹਨ। ਇਸ ਤਹਿਤ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲ੍ਹਦੇ ਹੀ ਤੀਜੀ ਤੋਂ 8ਵੀਂ ਜਮਾਤ ਦੇ ਬੱਚਿਆਂ ਦੇ ਸਿੱਖਣ ਪੱਧਰ ਦੀ ਜਾਂਚ ਕੀਤੀ ਜਾਵੇਗੀ।

ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ, ਜੁਲਾਈ ਦੇ ਪਹਿਲੇ ਹਫਤੇ ਬੱਚਿਆਂ ਦਾ ਗਣਿਤ, ਪੰਜਾਬੀ ਅਤੇ ਅੰਗਰੇਜ਼ੀ ਵਿਸ਼ਿਆਂ ’ਚ ਮੁਲਾਂਕਣ ਕੀਤਾ ਜਾਵੇਗਾ। ਇਸ ਮੁਲਾਂਕਣ ਦੇ ਆਧਾਰ ’ਤੇ ਇਹ ਫੈਸਲਾ ਕੀਤਾ ਜਾਵੇਗਾ ਕਿ ਬੱਚਾ ਪੱਧਰ-1, ਪੱਧਰ-2 ਜਾਂ ਪੱਧਰ-3 ’ਚ ਆਵੇਗਾ। ਮੁਲਾਂਕਣ ਤੋਂ ਪਹਿਲਾਂ 1 ਤੋਂ 6 ਜੁਲਾਈ ਤੱਕ ਬੱਚਿਆਂ ਨੂੰ ਪਿਛਲੇ ਸਮੂਹਾਂ ਅਨੁਸਾਰ ਬਿਠਾਇਆ ਜਾਵੇਗਾ ਅਤੇ ਸੋਧਿਆ ਜਾਵੇਗਾ, ਤਾਂ ਜੋ ਉਹ ਮੁਲਾਂਕਣ ਲਈ ਪੂਰੀ ਤਰ੍ਹਾਂ ਤਿਆਰ ਹੋ ਸਕਣ।

ਪ੍ਰਗਤੀ ਚਾਰਟ ਅਤੇ ਨਵੀਂ ਗਰੁੱਪਿੰਗ ਜ਼ਰੂਰੀ ਹੋਵੇਗੀ

ਮੁਲਾਂਕਣ ਤੋਂ ਬਾਅਦ ਬੱਚਿਆਂ ਦਾ ਨਵੀਂ ਗਰੁੱਪਿੰਗ ਕੀਤੀ ਜਾਵੇਗੀ ਅਤੇ ਕਲਾਸ ’ਚ ਪ੍ਰਗਤੀ ਚਾਰਟ ਲਗਾਉਣਾ ਲਾਜ਼ਮੀ ਹੋਵੇਗਾ। ਇਸ ਚਾਰਟ ’ਚ ਬੱਚਿਆਂ ਦੇ ਬੇਸ ਲਾਈਨ, ਮਿਡ ਲਾਈਨ, ਜੁਲਾਈ ਮੁਲਾਂਕਣ ਅਤੇ ਅੰਤਿਮ ਰੇਖਾ ਮੁਲਾਂਕਣ ਦਾ ਰਿਕਾਰਡ ਹੋਵੇਗਾ। ਇਹ ਬੱਚਿਆਂ ਦੀ ਪੜ੍ਹਾਈ ’ਚ ਨਿਰੰਤਰ ਪ੍ਰਗਤੀ ਨੂੰ ਦੇਖਣ ਵਿਚ ਮਦਦ ਕਰੇਗਾ।

ਵਰਕਸ਼ੀਟਾਂ ਅਤੇ ਉਪਚਾਰਕ ਕਲਾਸਾਂ ਲਈ ਯੋਜਨਾ ਤਿਆਰ

ਪੜ੍ਹਾਈ ’ਚ ਸੁਧਾਰ ਕਰਨ ਲਈ 15 ਜੁਲਾਈ ਤੋਂ ਸਕੂਲਾਂ ਨੂੰ ਗਣਿਤ, ਪੰਜਾਬੀ ਅਤੇ ਅੰਗਰੇਜ਼ੀ ਦੀਆਂ ਪੱਧਰ-ਵਾਰ ਵਰਕਸ਼ੀਟਾਂ ਭੇਜੀਆਂ ਜਾਣਗੀਆਂ। 6ਵੀਂ ਅਤੇ 7ਵੀਂ ਜਮਾਤ ਦੇ ਪੱਧਰ-1 ਅਤੇ ਪੱਧਰ-2 ਦੇ ਬੱਚਿਆਂ ਲਈ ਉਪਚਾਰਕ ਕਲਾਸਾਂ 1 ਅਗਸਤ ਤੋਂ 31 ਅਗਸਤ ਤੱਕ ਪਹਿਲੇ 2 ਪੀਰੀਅਡਾਂ ’ਚ ਚੱਲਣਗੀਆਂ। ਇਨ੍ਹਾਂ ਕਲਾਸਾਂ ’ਚ ਮੁੱਖ ਦਫ਼ਤਰ ਵਲੋਂ ਭੇਜੀਆਂ ਗਈਆਂ ਵਰਕਸ਼ੀਟਾਂ ਤੋਂ ਪੜ੍ਹਾਇਆ ਜਾਵੇਗਾ।

ਰੋਜ਼ਾਨਾ ਸਮਾਂ-ਸਾਰਣੀ ਕੁਝ ਇਸ ਤਰ੍ਹਾਂ ਹੋਵੇਗੀ

ਸੋਮਵਾਰ : ਪਹਿਲਾ ਪੀਰੀਅਡ– ਪੰਜਾਬੀ, ਦੂਜਾ– ਗਣਿਤ

ਮੰਗਲਵਾਰ : ਪਹਿਲਾ– ਪੰਜਾਬੀ, ਦੂਜਾ– ਗਣਿਤ

ਬੁੱਧਵਾਰ : ਪਹਿਲਾ– ਅੰਗਰੇਜ਼ੀ, ਦੂਜਾ– ਪੰਜਾਬੀ

ਵੀਰਵਾਰ : ਪਹਿਲਾ– ਅੰਗਰੇਜ਼ੀ, ਦੂਜਾ– ਪੰਜਾਬੀ

ਸ਼ੁੱਕਰਵਾਰ : ਪਹਿਲਾ– ਗਣਿਤ, ਦੂਜਾ– ਅੰਗਰੇਜ਼ੀ

ਸ਼ਨੀਵਾਰ : ਪਹਿਲਾ– ਗਣਿਤ, ਦੂਜਾ– ਅੰਗਰੇਜ਼ੀ

8ਵੀਂ ਜਮਾਤ ਦੇ ਪੱਧਰ-1 ਦੇ ਬੱਚਿਆਂ ਲਈ ਵੱਖਰਾ ਸ਼ਡਿਊਲ

8ਵੀਂ ਜਮਾਤ ਦੇ ਪੱਧਰ-1 ਦੇ ਵਿਦਿਆਰਥੀਆਂ ਲਈ 10 ਜੁਲਾਈ ਤੋਂ 31 ਜੁਲਾਈ ਤੱਕ ਪਹਿਲੇ ਪੀਰੀਅਡ ’ਚ ਉਪਚਾਰਕ ਕਲਾਸਾਂ ਲਗਾਈਆਂ ਜਾਣਗੀਆਂ। ਇਸ ਵਿਚ ਵੀ ਸਿਰਫ ਉਹੀ ਵਰਕਸ਼ੀਟਾਂ ਕੀਤੀਆਂ ਜਾਣਗੀਆਂ ਜੋ ਮੁੱਖ ਦਫ਼ਤਰ ਦੁਆਰਾ ਭੇਜੀਆਂ ਜਾਣਗੀਆਂ। ਪੱਧਰ-2 ਅਤੇ ਪੱਧਰ-3 ਦੇ ਬੱਚਿਆਂ ਨੂੰ ਆਮ ਪਾਠ ਪੁਸਤਕ ਅਧਾਰਿਤ ਕੰਮ ਦਿੱਤਾ ਜਾਵੇਗਾ। ਤੀਜੀ ਤੋਂ 8ਵੀਂ ਜਮਾਤ ਦੇ ਬੱਚਿਆਂ ਦਾ ਦੋ-ਮਾਸਿਕ ਟੈਸਟ-1 ਜੁਲਾਈ ਵਿਚ ਹੀ ਹੋਵੇਗਾ। ਇਹ ਟੈਸਟ ਉਨ੍ਹਾਂ ਹੀ ਵਿਸ਼ਿਆਂ ਤੋਂ ਹੋਵੇਗਾ, ਜੋ ਮਿਸ਼ਨ ਸਮਰੱਥ 3.0 ਅਧੀਨ ਪੜ੍ਹਾਏ ਗਏ ਹੋਣਗੇ।